A Message From Giani Gurdev Singh (Head Granthi of Tierra Buena Sikh Temple)
November 2nd, 2007 by Administrator
ਸੋਰਠਿ ਮਃ 5 ॥
ਗੁਰੁ ਪੂਰਾ ਨਮਸਕਾਰੇ ॥ ਪ੍ਰਭਿ ਸਭੇ ਕਾਜ ਸਵਾਰੇ ॥ ਹਰਿ ਅਪਣੀ ਕਿਰਪਾ ਧਾਰੀ ॥ ਪ੍ਰਭ ਪੂਰਨ ਪੈਜ ਸਵਾਰੀ ॥1॥ ਅਪਨੇ ਦਾਸ ਕੋ ਭਇਓ ਸਹਾਈ ॥ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥ ਕਰਤੈ ਪੁਰਖਿ ਤਾਲੁ ਦਿਵਾਇਆ ॥ ਪਿਛੈ ਲਗਿ ਚਲੀ ਮਾਇਆ ॥ ਤੋਟਿ ਨ ਕਤਹੂ ਆਵੈ ॥ ਮੇਰੇ ਪੂਰੇ ਸਤਗੁਰ ਭਾਵੈ ॥2॥ ਸਿਮਰਿ ਸਿਮਰਿ ਦਇਆਲਾ ॥ ਸਭਿ ਜੀਅ ਭਏ ਕਿਰਪਾਲਾ ॥ ਜੈ ਜੈ ਕਾਰੁ ਗੁਸਾਈ ॥ ਜਿਨਿ ਪੂਰੀ ਬਣਤ ਬਣਾਈ ॥3॥ ਤੂ ਭਾਰੋ ਸੁਆਮੀ ਮੋਰਾ ॥ ਇਹੁ ਪੁੰਨੁ ਪਦਾਰਥੁ ਤੇਰਾ ॥ ਜਨ ਨਾਨਕ ਏਕੁ ਧਿਆਇਆ ॥ ਸਰਬ ਫਲਾ ਪੁੰਨੁ ਪਾਇ॥4॥14॥64॥
ਸ੍ਰੀ ਅਖੰਡ ਪਾਠ ਸੇਵਾ:-ਸ: ਦੀਦਾਰ ਸਿੰਘ ਬੈਂਸ ਅਤੇ ਪ੍ਰੀਵਾਰ।
ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।
ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਜਗਤ ਤਾਰਿਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ਼ ਨੇ ਜਗਤ ਜਲੰਦੇ ਨੂੰ ਤਾਰਣ ਹਿਤ ਅਕਾਲ ਪੁਰਖ ਦੀ ਦਰਗਾਹ ਵਿਚੋਂ ਬਖਸਿਸ਼ ਪ੍ਰਾਪਤ ਕਰਕੇ ਮੂਲ ਮੰਤ੍ਰ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ। ਇਹੋ ਤਾਂ ਉਹ ਸ਼ਬਦ ਸੀ ਜੋ ਅਕਾਲ ਪੁਰਖ ਦੀ ਰਸਨਾ ਵਿਚੋਂ ਨਿਕਲਿਆ ।ਗੁਰੂ ਨਾਨਕ ਦੇਵ ਜੀ ਨੇ ਸ਼ਬਦ ਰਾਹੀਂ ਸਮੁੱਚੀ ਮਾਨਵਤਾ ਨੂੰ ਸੱਚ ਦਾ ਉਪਦੇਸ਼ ਕੇ ਇਕ ਨਿਰੰਕਾਰ ਨਾਲ ਜੋੜਿਆ ਅਤੇ ਸ਼ਬਦ-ਗੁਰੂ ਸੁਰਤਿ ਧੁਨਿ ਚੇਲਾ ਦੀ ਨੀਂਹ ਰੱਖੀ।ਇਸੇ ਹੀ ਸ਼ਬਦ ਸਿਧਾਂਤ ਨੂੰ ਮੁੱਖ ਰੱਖ ਕੇ ਸਤਿਗੁਰੂ ਜੀ ਨੇ ਸੰਸਾਰ ਦੇ ਲੋਕਾਂ ਨੂੰ ਸਮਾਜਿਕ, ਆਰਥਿਕ,ਰਾਜਨੀਤਕ ਅਤੇ ਧਾਰਮਿਕ ਪਖੋਂ ਸੁਚੇਤ ਕਰਕੇ ਸਮਾਜ ਨੂੰ ਹੋ ਰਹੀਆਂ ਕੁਰੀਤੀਆਂ ਤੋਂ ਬਚਣ ਹਿਤ ਸ਼ਬਦ ਰਾਹੀਂ ਸੱਚ ਦਾ ਮਾਰਗ ਦਿਖਾਇਆ।
ਪਹਿਲੇ ਚਾਰ ਗੁਰੂ ਵਿਅਕਤੀਆਂ ਨੇ ਜਿਨ੍ਹਾਂ ਸ਼ਬਦਾਂ ਨਾਲ ਮਾਨਵਤਾ ਦੀ ਅਗਵਾਈ ਕੀਤੀ,ਉਹ ਸਾਰੇ ਉਚਾਰਨ ਕੀਤੇ ਸ਼ਬਦ ਪੋਥੀ ਦੇ ਰੂਪ ਵਿੱਚ ਪੰਜ਼ਵੇਂ ਸਤਿਗੁਰੂ ਅਰਜਨ ਦੇਵ ਜੀ ਪਾਸ ਪਹੁੰਚੇ ਸਨ ਅਤੇ ਸ੍ਰੀ ਸਤਿਗੁਰੂ ਜੀ ਨੇ ਇਹ ਸਾਰੀ 6 ਗੁਰੂ ਸਾਹਿਬਾਨ,15 ਭਗਤਾਂ,11 ਭੱਟਾਂ ਅਤੇ 4 ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਕੇ ਮੂਲ ਰੂਪ ਵਿੱਚ 1604 ਈ: ਵਿੱਚ ਸੰਪਾਦਿਤ ਕੀਤਾ ਅਤੇ ਇਸ ਪਹਿਲੇ ਪਵਿੱਤਰ ਸਰੂਪ ਨੂੰ ਪੋਥੀ ਸਾਹਿਬ ਜਾਂ ਆਦਿ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਦੇ ਲਿਖਣ ਦੀ ਸੇਵਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ਼ ਨੇ 102 ਸਾਲ ਬਾਦ ਇਸ ਪਾਵਨ ਸਰੂਪ ਦੀ ਦੁਬਾਰਾ ਰਚਨਾ ਕੀਤੀ ਅਤੇ ਲਿਖਣ ਦਾ ਸੁਭਾਗ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਇਆ।ਗੁਰੂ ਸਹਿਬ ਜੀ ਨੇ ਲਿਖਣ ਢੰਗ ਜਾਂ ਸ਼ਬਦਾਵਲੀ ਪ੍ਰਤੀ ਕੋਈ ਤਬਦੀਲੀ ਨਹੀਂ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਨੂੰ ਥਾਂ ਪੁਰ ਥਾਂ ਦਰਜ਼ ਕਰਕੇ ਕੇਵਲ ਵਾਧਾ ਹੀ ਕੀਤਾ।
ਜਿਤਨੇ ਭੀ ਸੰਸਾਰ ਦੇ ਦੂਸਰੇ ਧਾਰਮਿਕ ਗ੍ਰੰਥ ਮੰਨੇ ਜਾਂਦੇ ਹਨ, ਉਨ੍ਹਾਂ ਦੀ ਰਚਨਾ ਧਰਮ ਬਾਨੀਆਂ ਦੇ ਜੀਵਨ ਕਾਲ ਤੋਂ ਬਾਅਦ ਹੀ ਹੋਈ ਪਰ ਇਕੋ ਇਕ ਵਾਹਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਦੀ ਸੰਪਾਦਨਾ ਸਿੱਖ ਗੁਰੂ ਸਾਹਿਬਾਨ ਜੀ ਨੇ ਆਪਨੇ ਜੀਵਨ ਕਾਲ ਵਿੱਚ ਹੀ ਕਰ ਦਿਤੀ ਸੀ।ਇਸ ਵਿੱਚ ਗੁਰੂ ਸਾਹਿਬ,ਭਗਤਾਂ,ਭੱਟਾਂ ਅਤੇ ਸਿੱਖਾਂ ਦੀ ਬਾਣੀ ਸ਼ੁਧ ਰੂਪ ਵਿੱਚ ਦਰਜ਼ ਹੈ ਅਤੇ ਇਸ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ।ਪੂਰਨ ਗੁਰੂਆਂ ਦੀ ਇਲਾਹੀ ਬਾਣੀ ਹੈ ਅਤੇ ਪੂਰਨ ਹੈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:-
ਪੂਰਾ ਸਤਿਗੁਰ ਜਾਣੀਐ ,ਪੂਰੈ ਪੂਰਾ ਥਾਟ ਬਣਾਇਆ ।।
ਪੂਰੇ ਪੂਰਾ ਤੋਲੁ ਹੈ , ਘਟੈ ਨ ਵਧੈ ਘਟਾਇ ਵਧਾਇਆ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ 1 ਸਤੰਬਰ,1604 (ਭਾਦੋਂ ਸੁਦੀ ਏਕਮ ਸੰਮਤ 1661) ਵਿੱਚ ਕੀਤਾ ਗਿਆ:-
ਲਿਯ ਸੰਗ ਸੁ ਗ੍ਰੰਥਹਿ ਆਪਨ ਕੈ ।ਹਰਿਮੰਦਰ ਮੈ ਥਿਰ ਥਾਪਨ ਕੈ।
ਹੁਇ ਪੂਜਾ ਸਦਾ ਇਸ ਥਾਨ ਬਿਖੈ।ਬਹੁਰੋ ਸਮੁਦਾਇ ਪਠੈ ਸੁ ਲਿਖੈ ।(ਗੁਰ ਪ੍ਰਤਾਪ ਸੂਰਜ ਗ੍ਰੰਥ)
ਸਮੁੱਚੇ ਵਿਸ਼ਵ ਨੂੰ ਆਪਨੇ ਕਲਾਵੇ ਵਿੱਚ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਿਰਫ ਆਪਨੇ ਸਿੱਖਾਂ ਨੂੰ ਹੀ ਨਹੀਂ ਬਲਕਿ ਚਾਰੇ ਵਰਨਾਂ ਨੂੰ ਸਰਬ ਸਾਂਝਾਂ ਅਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਉਪਦੇਸ਼ ਦਿਤਾ।ਖੱਤ੍ਰੀ,ਬ੍ਰਾਹਮਣ,ਕਾਜ਼ੀਆਂ,ਜੋਗੀਆਂ ਅਤੇ ਗ੍ਰਹਿਸਥੀਆਂ ਨੂੰ ਆਪਨੇ ਕਰਮ ਅਤੇ ਧਰਮ ਪ੍ਰਤੀ ਸੁਚੇਤ ਕੀਤਾ :-
ਕਾਦੀ ਕੂੜੁ ਬੋਲਿ ਮਲੁ ਖਾਇ ।।ਬ੍ਰਾਹਮਣੁ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ।।ਤੀਨੇ ਓਜਾੜੇ ਕਾ ਬੰਧੁ ।।
ਸੋ ਜੋਗੀ ਜੋ ਜੁਗਤਿ ਪਛਾਣੈ।।ਗੁਰ ਪਰਸਾਦੀ ਏਕੋ ਜਾਣੈ।।
ਕਾਜੀ ਸੋ ਜੋ ਉਲਟੀ ਕਰੈ।।ਗੁਰ ਪਰਸਾਦੀ ਜੀਵਤ ਮਰੈ।।
ਸੋ ਬ੍ਰਾਹਮਣੁ ਜੋ ਬ੍ਰਾਹਮੁ ਬੀਚਾਰੈ।।ਆਪਿ ਤਰੈ ਸਗਲੇ ਕੁਲ ਤਾਰੈ।।
ਦਾਨਸਬੰਧੁ ਸੋਈ ਦਿਲਿ ਧੋਵੈ।।ਮੁਸਲਮਾਨ ਸੋਈ ਮਲੁ ਖੋਵੈ।।
ਪੜਿਆ ਬੂਝੈ ਸੋ ਪਰਵਾਣੁ।।ਜਿਸੁ ਸਿਰਿ ਦਰਗਹ ਕਾ ਨੀਸਾਣੁ।।(ਅੰਗ 662)
ਕਾਜ਼ੀ ਜੇ ਕਰ ਧਾਰਮਿਕ ਨੇਤਾ ਹੈ ਤਾਂ ਇਨਸਾਫ ਕਰਨ ਵਾਲਾ ਹਾਕਮ ਭੀ ਹੈ ,ਫਿਰ ਭੀ ਉਹ ਲਾਲਚ ਵੱਸ ਝੂਠ ਬੋਲ ਕੇ ਵੱਡੀ ਲੈ ਕੇ ਬੇਇਨਸਾਫੀ ਕਰਦਾ ਹੈ ਤਾਂ ਕਾਜ਼ੀ ਗੰਦਗੀ ਖਾਂਦਾ ਹੈ।
ਬ੍ਰਾਹਮਣ ਹੋ ਕੇ ਅਖਾਉਤੀ ਨੀਚ ਕੁਲ ਦੇ ਲੋਕਾਂ ਨੂੰ ਨਫਰਤ ਕਰਨ ਵਾਲਾ ਮਨੁੱਖ ਬੇਸ਼ਕ ਕਿਤਨੇ ਵੀ ਤੀਰਥ ਨਹਾ ਲਵੇ ਸਭ ਵਿਅਰਥ ਹੈ।ਜਾਪਦਾ ਜਿਵੇਂ ਉਹ ਜੀਵ ਹੱਤਿਆ ਕਰ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਨੇ ਸਿੱਧਾਂ ਦੇ ਇਕ ਪ੍ਰਸ਼ਨ ਦੇ ਉਤਰ ਵਿੱਚ ਸ਼ਬਦ ਨੂੰ ਗੁਰੂ ਮੰਨਣ ਹਿਤ ਉਪਦੇਸ਼ ਕੀਤਾ:-
ਕਵਣੁ ਅਰੰਭ ਕਵਣੁ ਮਤਿ ਵੇਲਾ ਤੇਰਾ ਕਵਨੁ ਗੁਰੂ ਜਿਸਕਾ ਤੂੰ ਚੇਲਾ ।।
ਪਵਣ ਅਰੰਭ ਸਤਿਗੁਰੁ ਮਤਿ ਵੇਲਾ ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।।
ਗੁਰੂ ਰਾਮ ਦਾਸ ਜੀ ਨੇ ਸ਼ਬਦ ਦੀ ਵੀਚਾਰੁ ਦੁਅਰਾ ਸਮੂੰਹ ਬੰਧਨਾ ਤੋਂ ਮੁਕਤੀ ਦੀ ਪ੍ਰਾਪਤੀ ਦਾ ਭੇਦ ਸਮਝਾਇਆ।ਸਤਿਗੁਰੂ ਜੀ ਫੁਰਮਾਂਦੇ ਹਨ:-
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ,
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦ ਨ ਕਰੇ ਵੀਚਾਰੁ।।
ਪੰਜ਼ਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਗੁਰਬਾਣੀ ਨੂੰ ਗੁਰੂ ਕਹਿ ਕੇ ਸਤਿਕਾਰਿਆ ਅਤੇ ਅਮਲੀ ਰੂਪ ਵਿੱਚ ਇਸ ਸਿਧਾਂਤ ਨੂੰ ਸੰਸਾਰ ਦੇ ਸਨਮੁੱਖ ਰੱਖਿਆ । ਜਦੋਂ ਹਜ਼ੂਰ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਹਨ:-
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ,
ਗੁਰੁ ਬਾਣੀ ਕਹੈ ਸੇਵਕ ਜਨ ਮਾਨਹਿ ਪ੍ਰਤਖ ਗੁਰੂ ਨਿਸਤਾਰੈ।।
ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਵਿਖੇ ਪ੍ਰਕਾਸ ਕਰਵਾ ਕੇ ਮੱਥਾ ਟੇਕਿਆ ਅਤੇ ਰਾਤ ਨੂੰ ਪਲੰਘ ਦੇ ਉਤੇ ਬਿਰਾਜ਼ਮਾਨ ਕਰਨ ਉਪ੍ਰੰਤ ਆਪ ਧਰਤੀ ਤੇ ਚਾਦਰ ਵਿਛਾ ਕੇ ਅਰਾਮ ਕੀਤਾ।ਇਹ ਗੁਰੂ ਸਾਹਿਬ ਵਲੋਂ ਗੁਰਬਾਣੀ ਨੂੰ ਆਪਣੇ ਸਰੀਰ ਤੋਂ ਵੱਧ ਮਹੱਤਤਾ ਅਤੇ ਸਨਮਾਨ ਦੇ ਕੇ ਗੁਰ-ਸ਼ਬਦ ਨੂੰ ਗੁਰੂ ਹੋਣ ਦਾ ਸਪਸ਼ਟ ਸੰਕੇਤ ਦਿਤਾ :-
ਮੇਰੇ ਸਰੂਪ ਤੇ ਯਾਤੇ ਹੈ ਦੀਰਘ , ਸਾਹਿਬ ਜਾਨ ਅਦਾਇਬ ਕਰੈ ਹੈਂ ।।
(ਗੁਰ ਪ੍ਰਤਾਪ ਸੂਰਜ ਗ੍ਰੰਥ)
ਸਰਬੰਸ ਦਾਨੀ ਗੁਰੂ ਕਲਗੀਧਰ ਜੀ ਨੇ ਸਚਖੰਡ ਪਿਆਨੇ ਤੋਂ ਪਹਿਲਾਂ ਕੱਤਕ ਸੁਦੀ 2,1708 ਅੰਮ੍ਰਿਤ ਵੇਲੇ ਭਾਈ ਦਯਾ ਸਿੰਘ ਜੀ ਨੂੰ ਹੁਕਮ ਕੀਤਾ ਗ੍ਰੰਥ ਸਾਹਿਬ ਲੈ ਆਵੋ।ਹੁਕਮ ਮੰਨ ਕੇ ਆਗਿਆ ਅਨੁਸਾਰ ਪ੍ਰਕਾਸ਼ ਕੀਤਾ ਗਿਆ ਅਤੇ (ਗੁਰੂ) ਗ੍ਰੰਥ ਸਾਹਿਬ ਜੀ ਦੇ ਹਜ਼ੂਰ ਗੁਰਿਆਈ ਦੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਪ੍ਰਕਰਮਾਂ ਕੀਤੀਆਂ ਫਿਰ ਹੁਕਮ ਕੀਤਾ:-
ਅਕਾਲ ਪੁਰਖ ਕੇ ਬਚਨ ਸਿਉਂ , ਪ੍ਰਗਟ ਚਲਾਇਉ ਪੰਥ ।।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ।।
ਇਸ ਸਮੇਂ ਹਾਜ਼ਰ ਸਿੱਖਾਂ ਵਲੋਂ ਭਾਈ ਦਯਾ ਸਿੰਘ ਜੀ ਨੇ ਬੇਨਤੀ ਪਾਤਸ਼ਾਹ ਅਸਾਨੂੰ ਕਿਸ ਦੇ ਲੜ ਲਾ ਚਲੇ ਹੋ ।ਸਤਿਗੁਰੂ ਜੀ ਨੇ ਉੱਤਰ ਦਿਤਾ ਅੱਜ ਤੋਂ ਸ਼ਬਦ ਹੀ ਗੁਰੂ ਹੈ ਅਤੇ ਦੇਹਧਾਰੀ ਗੁਰੂ ਪ੍ਰਥਾ ਖਤਮ ਕਰ ਦਿਤੀ ਹੈ ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦੀਵੀ ਕਾਲ ਲਈ ਸਿੱਖ ਸੰਗਤਾਂ ਦੇ ਸ਼ਬਦ- ਗੁਰੂ ਹੋਣਗੇ ।ਗੁਰੂ ਸਾਹਿਬ ਜੀ ਨੇ ਤਿੰਨ ਬਚਨ ਕੀਤੇ :-
ਪੂਜਾ ਅਕਾਲ ਕੀ ,ਪਰਚਾ ਗੁਰ-ਸ਼ਬਦ ਕਾ,ਦੀਦਾਰ ਖਾਲਸੇ ਕਾ।
ਯੂਬਾ ਸਿਟੀ,
ਗਿਆਨੀ ਗੁਰਦੇਵ ਸਿੰਘ,ਹੈੱਡ ਗ੍ਰੰਥੀ
ਗੁਰਦੁਆਰਾ ਟਾਇਰਾ ਬਿਊਨਾ ਰੋਡ,
ਯੂਬਾ ਸਿਟੀ ।
Posted in Links |
November 16th, 2007 at 5:19 pm
Waheguru Ji Ka Khalsa
Waheguru Ji ki Fateh
Sat Shri Akaal Ji
Khalsa ji,
I am amritdhari gursikh basically from patiala, punjab but now in UK.
The “gurbani message/stanza” you posted above is my favorite one. These lines changed my life, yes! its true….
Plz chk here :: http://www.rajkaregakhalsa.net/audio/Prayers/Bhai%20Jarnail%20Singh%20-%20sorath_mahalla_5.mp3
Guru Fateh Ji.
Maninder Singh